Delicious LinkedIn Facebook Twitter RSS Feed
Showing posts with label ਗ਼ਜ਼ਲ. Show all posts
Showing posts with label ਗ਼ਜ਼ਲ. Show all posts

ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ


ਲੈ ਲਿਆ ਫਾਹਾ ਬਚਨੇ ਨੇ ਕਹਿੰਦਾ ਬਹੁਤੀ ਜੀ ਲਈ
ਕੀੜੇਮਾਰ ਦਵਾਈ “ਮੋਨੋ” ਕੈਲੇ ਨੇ ਪੀ ਲਈ
ਪੰਜ ਕਿੱਲੇ ਰੱਖ ਗਹਿਣੇ ਦਾਜ ਲਿਆਂਦਾ ਸੀ ਧੀ ਲਈ
ਸਰਕਾਰ ਸਮੇਂ ਦੀ, ਸ਼ਾਹੂਕਾਰ ਕਿਤੇ ਸੁੰਡੀ ਅਮਰੀਕਾ ਦੀ
ਇਹ ਸਹਿੰਦੇ ਸਹਿੰਦੇ ਕਿੰਨੇ ਝੱਖੜ ਸਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਹਰੀ ਕਰਾਂਤੀ ਦੇ ਹੀਰੋ ਦਾ, ਰੰਗ ਹੋਰ ਹੋ ਗਿਆ
ਨੀਲੀਆਂ ਪੱਗਾਂ ਤੇ ਲਾਲ ਬੱਤੀਆਂ ਦਾ ਹੁਣ ਜੋਰ ਹੋ ਗਿਆ
ਚੌਂਕੀਦਾਰ ਜਿਹੜਾ ਵੀ ਚੁਣੀਏ ਓਹੀ ਚੋਰ ਹੋ ਗਿਆ
ਕਿਤੇ ਡੂੰਘੇ ਪਾਣੀ ਕਿਤੇ ਸੇਮ ਆਈ
ਖੇਤੀ ਸੌਦਾ ਘਾਟੇ ਦਾ ਤਜ਼ਰਬੇਕਾਰ ਕਹਿ ਗਏ
ਰੰਗਲੇ ਪੰਜਾਬ ਦੇ……..

ਤੇਈਏ ਦੇ ਤਾਪ ਵਾਂਗੂੰ ਸੱਪ ਕਰਜੇ ਦਾ ਲੜ ਜਾਂਦਾ
ਸੌਣੀ ਲਹਿ ਜਾਂਦਾ ਹਾੜੀ ਵੇਲੇ ਚੜ ਜਾਂਦਾ
ਜਦ ਜੀਮੀਂਦਾਰ ਬੁਢਾਪਾ ਪੈਨਸ਼ਨ ਦੀ ਲੈਨ ਚ ਖੜ ਜਾਂਦਾ
ਸਮਝੋ ਸਰਦਾਰੀ ਖੁੱਸ ਗਈ ਜਾਂ ਪੈਲੀ ਵਿਕ ਗਈ
ਜਾਂ ਟਰੈਕਟਰ ਖੜੀਆਂ ਕਿਸ਼ਤਾਂ ਦਾ ਬੈਂਕ ਵਾਲੇ ਲੈ ਗਏ
ਰੰਗਲੇ ਪੰਜਾਬ ਦੇ……

ਭੀੜ ਪਈ ਤੋਂ ਕਈ ਯੋਧੇ ਫਾਹੇ ਵੀ ਚੁੰਮ ਜਾਂਦੇ
ਕਈ ਜੰਮ ਪਲ ਪੜ ਲਿਖ ਏਥੋਂ ਠੰਢੇ ਮੁਲਕੀਂ ਗੁੰਮ ਜਾਂਦੇ
ਨਾਂ ਤਾਂ ਡਾਲਰ ਨਾਲ ਜਾਂਦੇ ਨਾ ਪਾਪ ਤੇ ਪੁੰਨ ਜਾਂਦੇ
ਜਿੰਦ ਲੇਖੇ ਲਾ ਇਸ ਧਰਤੀ ਦੇ ਝੁਟਾ ਆਊ ਸੁਰਗਾਂ ਦਾ
ਝਾੜ ਪਰਨੇ ਨਾਲ ਥੜੇ ਨੂੰ ਬਾਬੇ ਜਦ ਸੱਥ ਚ ਬਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਸਾਰਾ ਦਿਨ

ਅਜ ਸਾਰਾ ਦਿਨ

ਪੈਂਦਾ ਰਿਹਾ ਮੀਂਹ

ਆਖਦਾ ਰਿਹਾ ਮੈਂਨੂੰ

ਕਿਣ ਮਿਣ ਕਿਣ ਮਿਣ ਦੀ ਆਵਾਜ ਕਦੇ

ਮੋਹਲੇਧਾਰ ਫਿਰ

ਬੋਲ ਕੇ ਉਚੀ

ਗੱਜ ਕੇ

ਆ ਜਾ ਵਿਹੜੇ ਚ

ਨਹਾ ਲੈ ਨਾਲ ਮੇਰੇ

ਲਾਹ ਦੇ ਕੱਪੜੇ ਸਾਰੇ

ਹੋ ਜਾ ਨੰਗਾ

ਵਾਰ ਵਾਰ ਨੀ ਮਿਲਨਾ

ਇਹ ਮੌਕਾ

ਅੱਜ ਸਾਰਾ ਦਿਨ

ਮੀਂਹ ਪੈਂਦਾ ਰਿਹਾ ।

ਗ਼ਜ਼ਲ


ਗ਼ਜ਼ਲ 


ਤੇਰੇ ਮਨ ਵਿੱਚ ਜੋ ਆਉਂਦਾ ਕਰਿਆ ਕਰ
ਮੇਰੇ ਤੇ ਨਾ ਕੋਈ ਬੰਦਿਸ਼ ਲਾਇਆ ਕਰ....

ਤੇਰੀ ਖ਼ਾਤਰ ਮਛਲੀ ਵਾਂਗਰ ਤੜਪ ਰਿਹਾਂ
ਮੇਰੀ ਖ਼ਾਤਰ ਕਦੇ ਤਾਂ ਦਰਿਆ ਬਣਿਆ ਕਰ....

ਤੈਨੁੰ ਪਾ ਕੇ ਆਪਣਾ ਚੇਤਾ ਭੁੱਲਿਆ ਹਾਂ
ਜੇ ਪੁਛਣਾ ਤਾਂ ਆਪਣੇ ਬਾਰੇ ਪੁਛਿਆ ਕਰ......

ਮੈਥੋਂ ਕੋਈ ਨਗ਼ਮਾ ਲਿਖਿਆ ਨਾ ਜਾਵੇ
ਮੇਰੀਆ ਅੱਖਾਂ ਤੋਂ ਪਾਸੇ ਨਾ ਹੋਇਆ ਕਰ.....


ਮੇਰੇ ਮਿੱਤਰ ਨੂੰ ਜਦ ਚਾਬੁਕ ਮਾਰੇਂ ਤਾਂ
ਮੇਰੇ ਤਨ ਤੇ ਪਈਆਂ ਲਾਸ਼ਾਂ ਗਿਣਿਆ ਕਰ....... 

ਗ਼ਜ਼ਲ


ਗ਼ਜ਼ਲ 



ਜੋ ਖੂਹ ਅੰਦਰ ਵੀ ਬੂਹਾ ਭਾਲਦਾ ਏ
ਕੋਈ ਅੰਨਾ ਜਾਂ ਪਾਗਲ ਜਾਪਦਾ ਏ

ਉਹ ਕੀ ਜਾਣੇ ਗੁਬਾਰੇ ਉੱਡ ਵੀ ਜਾਵਣ
ਉਹ ਬੱਚਾ ਹੈ ਤੇ ਇਸ ਲਈ ਵਿਲਕਦਾ ਏ

ਬਿਸ਼ਕ ਚੰਗਾਂ ਨਹੀਂ ਸਿਗਰਟ ਦਾ ਧੂੰਆਂ
ਦਿਲਾਂ ਤੀਕਰ ਤਾਂ ਆਖਰ ਪਹੁੰਚਦਾ ਏ

ਕੋਈ ਚੁੰਬਕ ਦੇ ਵਾਗਂਰ ਮਿਲ ਨਾ ਸਕਿਆ
ਮੇਰੀ ਮਿੱਟੀ 'ਚ ਲੋਹਾ ਤੜਪਦਾ ਏ

ਉਹਦੇ ਰੰਗਾਂ ਦੀ ਜਦ ਤੋਂ ਚੋਰੀ ਹੋਈ
ਉਹ ਹਰ ਤਿੱਤਲੀ ਨੂੰ ਮੁਜਰਿਮ ਸਮਝਦਾ ਏ

ਗ਼ਜ਼ਲ


ਗ਼ਜ਼ਲ


ਹਾਏ ਕਿੰਨੀ ਵਾਰੀ ਧੋਖਾ ਕੀਤਾ ਆਪਣੇ ਪਾਠਕ ਨਾਲ
ਇਕ ਵੀ ਅੱਖਰ ਲਿਖ ਨਾ ਸਕਿਆ ਹੁਣ ਤਕ ਉਜਲੇ ਮਸਤਕ ਨਾਲ.....

ਖ਼ਬਰੇ ਪਾਗਲ ਸੁੰਮਾ ਹੇਠਾਂ ਕਿੰਨੇ ਜਿਸਮ ਲਿਤਾੜੇਗਾ
ਅੱਗ ਦਾ ਅੱਥਰਾ ਘੌੜਾ ਜੇ ਨਾ ਰੁਕਿਆ ਰੂਹ ਦੇ ਚਾਬੁਕ ਨਾਲ......

ਨਾ ਕੰਧਾਂ ਦਾ ਕੋਈ ਮਕਸਦ, ਨਾ ਛੱਤਾਂ ਦਾ ਕੋਈ ਕੰਮ
ਹਰ ਖ਼ੰਡਰ ਹੀ ਘਰ ਹੁੰਦਾ ਏ, ਜੁੜ ਜਾਵੇ ਜੇ ਦਸਤਕ ਨਾਲ.......

ਉਹ ਵੀ ਰੰਗਾਂ ਬਾਰੇ ਕੋਈ ਥੀਸਜ਼ ਲਿਖਣਾ ਚਾਹੁੰਦਾ ਏ
ਜਿਸ ਨੇ ਹਰ ਤਿੱਤਲੀ ਨੂੰ ਤੱਕਿਆ ਆਪਣੀ ਕਾਲੀ ਐਨਕ ਨਾਲ......

ਆਖ਼ਰ ਇਕ ਦਿਨ ਵਰਕਾ ਵਰਕਾ ਹੋ ਕੇ ਖਿੱਲਰ ਜਾਵੇਗੀ
ਇਕ ਝੱਖੜ ਦੀ ਕਾਹਦੀ ਯਾਰੀ ਖ਼ਾਬਾਂ ਵਾਲੀ ਪੁਸਤਕ ਨਾਲ........

ਗ਼ਜ਼ਲ


ਗ਼ਜ਼ਲ


ਤੂੰ ਮੇਰਾ ਨਹੀਂ ਏ, ਮੈਂ ਤੇਰਾ ਨਹੀਂ ਹਾਂ
ਮੈਂ ਤੈਨੂੰ ਕੀਹ ਆਖਾਂ,ਮੈਂ ਬੱਚਾ ਨਹੀਂ ਹਾਂ...

ਮੈਂ ਸਮਿਆਂ ਦੀ ਧੜਕਣ ਨੂੰ ਸੁਣਦਾ ਪਿਆ ਹਾਂ
ਮੈਂ ਸੁਸਤਾ ਰਿਹਾ ਹਾਂ,ਮੈਂ ਸੁੱਤਾ ਨਹੀਂ ਹਾਂ.....

ਤੂੰ ਚਾਹੁੰਦੀ ਏ ਆਪਣੇ ਦਰਾਂ ਤੇ ਲਿਜਾਣਾ
ਤੂੰ ਨੇਰੀ ਨਹੀਂ ਏ,ਮੈਂ ਪੱਤਾ ਨਹੀਂ ਹਾਂ.......

ਮੈਂ ਤੈਨੂੰ ਕੀਹ ਛੱਲਾਂ ਦੀ ਪੁਸਤਕ ਪੜਾਵਾਂ
ਤੂੰ ਮਛਲੀ ਨਹੀਂ ਏ, ਮੈਂ ਦਰਿਆ ਨਹੀਂ ਹਾਂ......

ਪਤਾ ਨਹੀਂ ਉਦਾਸੀ ਦਾ ਕਿਹੜਾ ਪੜਾਅ ਏ
ਜੇ ਖ਼ੁਦ ਨੂੰ ਵੀ ਲੱਭਾਂ ਤਾਂ ਲੱਭਦਾ ਨਹੀਂ ਹਾਂ....