Delicious LinkedIn Facebook Twitter RSS Feed

ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ


ਲੈ ਲਿਆ ਫਾਹਾ ਬਚਨੇ ਨੇ ਕਹਿੰਦਾ ਬਹੁਤੀ ਜੀ ਲਈ
ਕੀੜੇਮਾਰ ਦਵਾਈ “ਮੋਨੋ” ਕੈਲੇ ਨੇ ਪੀ ਲਈ
ਪੰਜ ਕਿੱਲੇ ਰੱਖ ਗਹਿਣੇ ਦਾਜ ਲਿਆਂਦਾ ਸੀ ਧੀ ਲਈ
ਸਰਕਾਰ ਸਮੇਂ ਦੀ, ਸ਼ਾਹੂਕਾਰ ਕਿਤੇ ਸੁੰਡੀ ਅਮਰੀਕਾ ਦੀ
ਇਹ ਸਹਿੰਦੇ ਸਹਿੰਦੇ ਕਿੰਨੇ ਝੱਖੜ ਸਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਹਰੀ ਕਰਾਂਤੀ ਦੇ ਹੀਰੋ ਦਾ, ਰੰਗ ਹੋਰ ਹੋ ਗਿਆ
ਨੀਲੀਆਂ ਪੱਗਾਂ ਤੇ ਲਾਲ ਬੱਤੀਆਂ ਦਾ ਹੁਣ ਜੋਰ ਹੋ ਗਿਆ
ਚੌਂਕੀਦਾਰ ਜਿਹੜਾ ਵੀ ਚੁਣੀਏ ਓਹੀ ਚੋਰ ਹੋ ਗਿਆ
ਕਿਤੇ ਡੂੰਘੇ ਪਾਣੀ ਕਿਤੇ ਸੇਮ ਆਈ
ਖੇਤੀ ਸੌਦਾ ਘਾਟੇ ਦਾ ਤਜ਼ਰਬੇਕਾਰ ਕਹਿ ਗਏ
ਰੰਗਲੇ ਪੰਜਾਬ ਦੇ……..

ਤੇਈਏ ਦੇ ਤਾਪ ਵਾਂਗੂੰ ਸੱਪ ਕਰਜੇ ਦਾ ਲੜ ਜਾਂਦਾ
ਸੌਣੀ ਲਹਿ ਜਾਂਦਾ ਹਾੜੀ ਵੇਲੇ ਚੜ ਜਾਂਦਾ
ਜਦ ਜੀਮੀਂਦਾਰ ਬੁਢਾਪਾ ਪੈਨਸ਼ਨ ਦੀ ਲੈਨ ਚ ਖੜ ਜਾਂਦਾ
ਸਮਝੋ ਸਰਦਾਰੀ ਖੁੱਸ ਗਈ ਜਾਂ ਪੈਲੀ ਵਿਕ ਗਈ
ਜਾਂ ਟਰੈਕਟਰ ਖੜੀਆਂ ਕਿਸ਼ਤਾਂ ਦਾ ਬੈਂਕ ਵਾਲੇ ਲੈ ਗਏ
ਰੰਗਲੇ ਪੰਜਾਬ ਦੇ……

ਭੀੜ ਪਈ ਤੋਂ ਕਈ ਯੋਧੇ ਫਾਹੇ ਵੀ ਚੁੰਮ ਜਾਂਦੇ
ਕਈ ਜੰਮ ਪਲ ਪੜ ਲਿਖ ਏਥੋਂ ਠੰਢੇ ਮੁਲਕੀਂ ਗੁੰਮ ਜਾਂਦੇ
ਨਾਂ ਤਾਂ ਡਾਲਰ ਨਾਲ ਜਾਂਦੇ ਨਾ ਪਾਪ ਤੇ ਪੁੰਨ ਜਾਂਦੇ
ਜਿੰਦ ਲੇਖੇ ਲਾ ਇਸ ਧਰਤੀ ਦੇ ਝੁਟਾ ਆਊ ਸੁਰਗਾਂ ਦਾ
ਝਾੜ ਪਰਨੇ ਨਾਲ ਥੜੇ ਨੂੰ ਬਾਬੇ ਜਦ ਸੱਥ ਚ ਬਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ