ਮੈਂ ਕੀ ਹੋ ਰਿਹਾ ਹਾਂ
ਕੀ ਜਮ ਰਿਹਾ?
ਕੀ ਪਿਘਲ ਰਿਹਾ?
ਤੈਨੂੰ ਕੀਕਣ ਦੱਸਾਂ
ਆਪਣੇ ਮਨ ਦੀ ਚਾਹ
ਮੇਰੀ ਛਾਤੀ ਨੂੰ ਚੁੱਭ ਰਹੇ
ਹੁਣ ਤਾਂ ਮੇਰੇ ਸਾਹ
ਕੀ ਟੁੱਟ ਰਿਹਾ?
ਕੀ ਪਥਰਾ ਰਿਹਾ?...
ਬਾਹਰ ਵੱਲ ਤੱਕਾਂ
ਤਾਂ ਬਾਜ਼ਾਰ ਦਿਸਦਾ
ਅੰਦਰ ਵੱਲ ਤੱਕਾਂ
ਤਾਂ ਅੰਧਕਾਰ ਦਿਸਦਾ
ਕੀ ਖਿੱਲਰ ਰਿਹਾ?
ਕੀ ਸਿਮਟ ਰਿਹਾ?
ਮੈਂ ਨਦੀ ਤੋਂ ਮੰਗਿਆ
ਥੋੜਾ ਜਿਹਾ ਨੀਰ
ਮੱਥੇ 'ਚ ਖੁੱਭ ਗਿਆ
ਕੋਈ ਅਣਦਿਸਦਾ ਤੀਰ
ਕੀ ਸੂੰਗੜ ਰਿਹਾ?
ਕੀ ਫੈਲ ਰਿਹਾ?
ਅੱਖਰਾ ਤੋਂ ਸ਼ਬਦ ਬਣੇ
ਸ਼ਬਦਾ ਤੋਂ ਵਾਕ
ਪਰ ਵਾਕਾਂ ਤੋਂ ਅਜੇ ਤਕ
ਕਵਿਤਾ ਬਣੀ ਨਾ ਪਾਕ
ਕੀ ਜਮ ਰਿਹਾ ?
ਕੀ ਮਰ ਰਿਹਾ ?
ਸੂਲੀ ਉੱਤੇ ਚੜ ਕੇ
ਅਜੇ ਨਾ ਹੋਇਆ ਖ਼ਾਤਮਾ
ਸਰੀਰ ਵਿੱਚ ਤੜਪ ਰਹੀ
ਸੱਚੀ ਸੁੱਚੀ ਆਤਮਾ