Delicious LinkedIn Facebook Twitter RSS Feed

ਗ਼ਜ਼ਲ


ਗ਼ਜ਼ਲ


ਹਾਏ ਕਿੰਨੀ ਵਾਰੀ ਧੋਖਾ ਕੀਤਾ ਆਪਣੇ ਪਾਠਕ ਨਾਲ
ਇਕ ਵੀ ਅੱਖਰ ਲਿਖ ਨਾ ਸਕਿਆ ਹੁਣ ਤਕ ਉਜਲੇ ਮਸਤਕ ਨਾਲ.....

ਖ਼ਬਰੇ ਪਾਗਲ ਸੁੰਮਾ ਹੇਠਾਂ ਕਿੰਨੇ ਜਿਸਮ ਲਿਤਾੜੇਗਾ
ਅੱਗ ਦਾ ਅੱਥਰਾ ਘੌੜਾ ਜੇ ਨਾ ਰੁਕਿਆ ਰੂਹ ਦੇ ਚਾਬੁਕ ਨਾਲ......

ਨਾ ਕੰਧਾਂ ਦਾ ਕੋਈ ਮਕਸਦ, ਨਾ ਛੱਤਾਂ ਦਾ ਕੋਈ ਕੰਮ
ਹਰ ਖ਼ੰਡਰ ਹੀ ਘਰ ਹੁੰਦਾ ਏ, ਜੁੜ ਜਾਵੇ ਜੇ ਦਸਤਕ ਨਾਲ.......

ਉਹ ਵੀ ਰੰਗਾਂ ਬਾਰੇ ਕੋਈ ਥੀਸਜ਼ ਲਿਖਣਾ ਚਾਹੁੰਦਾ ਏ
ਜਿਸ ਨੇ ਹਰ ਤਿੱਤਲੀ ਨੂੰ ਤੱਕਿਆ ਆਪਣੀ ਕਾਲੀ ਐਨਕ ਨਾਲ......

ਆਖ਼ਰ ਇਕ ਦਿਨ ਵਰਕਾ ਵਰਕਾ ਹੋ ਕੇ ਖਿੱਲਰ ਜਾਵੇਗੀ
ਇਕ ਝੱਖੜ ਦੀ ਕਾਹਦੀ ਯਾਰੀ ਖ਼ਾਬਾਂ ਵਾਲੀ ਪੁਸਤਕ ਨਾਲ........